ਲੁਧਿਆਣਾ ਚ ਬਸਪਾ ਨੇ ਵਿਸ਼ਾਲ ਰੈਲੀ ਰਾਹੀਂ “ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ” ਮੁਹਿੰਮ ਦੀ ਕੀਤੀ ਸ਼ੁਰੂਆਤ
ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨਾਂ ਨੂੰ ‘ਕੂੜਾ ਘਰ’ ਬਣਾਉਣ ਵਾਲੀਆਂ ਸਰਕਾਰਾਂ ਨੂੰ ਜੜ੍ਹੋਂ ਉਖਾੜ ਸੁੱਟੇਗੀ ਜਨਤਾ - ਡਾ: ਕਰੀਮਪੁਰੀ
“ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ” ਮੁਹਿੰਮ ਰਾਹੀਂ 2027 ਵਿੱਚ ਸਿਆਸੀ ਗੁਲਾਮੀ ਦੀਆਂ ਜੰਜ਼ੀਰਾਂ ਤੋੜੇਗੀ ਬਸਪਾ
ਲੁਧਿਆਣਾ 3 ਮਈ (ਸੁਰਿੰਦਰ ਸ਼ਿੰਦਾ, ਜਗਜੀਤ ਸਿੰਘ ਹੀਰਾਂ, ਹਰਸ਼ਦੀਪ ਸਿੰਘ ਮਹਿਦੂਦਾਂ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਥਾਣਾ ਡਵੀਜ਼ਨ ਨੰ 7 ਦੇ ਕੋਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ” ਮੁਹਿੰਮ ਦੀ ਗਰਜਵੀਂ ਸ਼ੁਰੂਆਤ ਕਰਦਿਆਂ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਅਤੇ ਸਾਬਕਾ ਕਾਂਗਰਸ ਸਰਕਾਰ ਵਿਰੁੱਧ ਤਿੱਖਾ ਹੱਲਾ ਬੋਲਿਆ। ਭਾਵੇਂ ਕਿ ਰਾਤੀਂ ਆਏ ਤੇਜ ਝੱਖੜ, ਹਨੇਰੀ ਅਤੇ ਮੀਂਹ ਕਾਰਨ ਸਾਰਾ ਟੈਂਟ ਤਹਿਸ ਨਹਿਸ ਹੋ ਗਿਆ ਪਰ ਬਸਪਾ ਕਰਮੱਠ ਵਰਕਰਾਂ ਦੀ ਮੇਹਨਤ ਤੇ ਸਮਰਪਣ ਭਾਵਨਾ ਅੱਗੇ ਖਰਾਬ ਹੋਇਆ ਮੌਸਮ ਵੀ ਉਦੋਂ ਫੇਲ ਹੋ ਗਿਆ ਜਦੋਂ ਉਨ੍ਹਾਂ ਜਿਨਾ ਹੋ ਸਕਿਆ ਪੰਡਾਲ ਤਾਂ ਠੀਕ ਕੀਤਾ ਹੀ ਉਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਵੀ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਗੁਰੂ ਸਾਹਿਬ ਦੇ ਨਾਂ 'ਤੇ ਵੋਟਾਂ ਬਟੋਰੀਆਂ, ਅੱਜ ਉਨ੍ਹਾਂ ਨੇ ਹੀ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਅਸਥਾਨਾਂ ਦਾ ਘਾਣ ਕੀਤਾ ਹੈ।
ਧੋਖੇਬਾਜ਼ੀ ਦੀ ਰਾਜਨੀਤੀ ਦਾ ਪਰਦਾਫਾਸ਼ ਕਰਦਿਆਂ ਡਾਕਟਰ ਕਰੀਮਪੁਰੀ ਨੇ ਲੁਧਿਆਣਾ ਦੇ ਉਸ ਸਾਢੇ ਤਿੰਨ ਏਕੜ ਮੈਦਾਨ ਵਿੱਚ ਖੜ੍ਹ ਕੇ ਸਰਕਾਰ ਨੂੰ ਵੰਗਾਰਿਆ ਜਿੱਥੇ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਗੁਰੂ ਰਵਿਦਾਸ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਕਿਹਾ, "ਕਾਂਗਰਸ ਨੇ ਸਿਰਫ਼ ਡਰਾਮੇਬਾਜ਼ੀ ਕੀਤੀ ਅਤੇ ਬਜਟ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ। ਪੰਜ ਸਾਲਾਂ ਵਿੱਚ ਇੱਕ ਇੱਟ ਤੱਕ ਨਹੀਂ ਲਗਾਈ। ਅੱਜ ਦੀ ਭਗਵੰਤ ਮਾਨ ਸਰਕਾਰ, ਜੋ 650ਵੇਂ ਪ੍ਰਕਾਸ਼ ਪੁਰਬ ਨੂੰ ਸਰਕਾਰੀ ਪੱਧਰ 'ਤੇ ਮਨਾਉਣ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਰਹੀ ਹੈ, ਉਸ ਨੇ ਇਸ ਪਵਿੱਤਰ ਜਗ੍ਹਾ ਨੂੰ ਸ਼ਹਿਰ ਦਾ 'ਕੂੜਾ ਡੰਪ' ਬਣਾ ਕੇ ਰੱਖ ਦਿੱਤਾ ਹੈ। ਸ੍ ਕਰੀਮਪੁਰੀ ਨੇ ਆਪ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ "ਕੀ ਇਹ ਹੈ ਤੁਹਾਡਾ ਗੁਰੂ ਸਾਹਿਬ ਪ੍ਰਤੀ ਸਤਿਕਾਰ?"
ਸਰਕਾਰੀ ਜ਼ੁਲਮ ਅਤੇ ਬਸਪਾ ਦਾ ਸੰਘਰਸ਼ ਬਾਰੇ ਡਾਕਟਰ ਕਰੀਮਪੁਰੀ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਧਲੇਤਾ ਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਮ ਪਾਰਟੀ’ ਦੀ ਸਰਕਾਰ ਨੇ ਗੁਰੂ ਘਰ ਉੱਤੇ ਜੇ.ਸੀ.ਬੀ. ਚਲਵਾ ਕੇ ਅਤੇ ਵਿਰੋਧ ਕਰਨ ਵਾਲੀਆਂ ਸਾਡੀਆਂ ਧੀਆਂ-ਭੈਣਾਂ ਤੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਬਹੁਜਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ, ਕਾਂਗਰਸ ਅਤੇ ਬੀ.ਜੇ.ਪੀ. ਵਰਗੀਆਂ ਪਾਰਟੀਆਂ ਕਾਇਰਾਂ ਵਾਂਗ ਚੁੱਪ ਸਨ, ਉਦੋਂ ਬਸਪਾ ਨੇ ਸੜਕਾਂ 'ਤੇ ਉਤਰ ਕੇ ਨੌਜਵਾਨਾਂ ਨੂੰ ਰਿਹਾਅ ਕਰਵਾਇਆ ਅਤੇ ਗੁਰੂ ਘਰ ਦੀ ਮਰਿਆਦਾ ਲਈ ਜੰਗ ਲੜੀ।
ਧਾਰਮਿਕ ਅਸਥਾਨਾਂ ਦੀ ਬੇਅਦਬੀ 'ਤੇ ਚੁਣੌਤੀ ਦਿੰਦਿਆਂ ਉਨ੍ਹਾਂ ਪਿੰਡ ਚਾਗ ਬਸਹੋ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਵਿੱਚ ਤਬਦੀਲ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਗੁਰੂ ਘਰ ਦੀਆਂ ਚਾਬੀਆਂ ਤੁਰੰਤ ਸੰਗਤ ਨੂੰ ਸੌਂਪੀਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕਿਆਂ ਵਿਰੁੱਧ ਚੱਲ ਰਹੇ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਕਿਸ਼ਤਾਂ ਵਿੱਚ ਠੇਕੇ ਚੁੱਕਣ ਦੀ ਬਜਾਏ ਤੁਰੰਤ ਮੁਕੰਮਲ ਪਾਬੰਦੀ ਲਗਾਵੇ।
2027 ਦਾ ਮਨੋਰਥ ਪੱਤਰ ਜਾਰੀ ਕਰਦਿਆਂ ਡਾਕਟਰ ਕਰੀਮਪੁਰੀ ਨੇ ਸੰਗਤਾਂ ਨੂੰ 2027 ਵਿੱਚ ਗੁਲਾਮੀ ਦਾ ਅੰਤ ਕਰਨ ਦਾ ਸੱਦਾ ਦਿੰਦਿਆਂ ਵੱਡੇ ਐਲਾਨ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਬਸਪਾ ਦੀ ਸੱਤਾ ਆਉਣ 'ਤੇ ਲੁਧਿਆਣਾ ਦੀ ਇਸ ਜਗ੍ਹਾ 'ਤੇ 5 ਸਾਲਾਂ ਦਾ ਰੁਕਿਆ ਕੰਮ 5 ਮਹੀਨਿਆਂ ਵਿੱਚ ਪੂਰਾ ਕਰਕੇ ਇੱਕ ਸ਼ਾਨਦਾਰ ਇਤਿਹਾਸਕ ਯਾਦਗਾਰ ਬਣਾਈ ਜਾਵੇਗੀ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰੂ ਸਾਹਿਬ ਦੇ ‘ਬੇਗਮਪੁਰਾ’ ਦੇ ਸੰਕਲਪ ਨੂੰ ਲਾਗੂ ਕਰਦਿਆਂ ਪੰਜਾਬ ਨੂੰ 'ਚਿੱਟੇ' ਵਰਗੇ ਮਾਰੂ ਨਸ਼ਿਆਂ ਤੋਂ ਮੁਕਤ ਕਰਕੇ ਜਵਾਨੀ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ। ਪੰਜਾਬ ਵਿੱਚ ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਆਤਮ-ਨਿਰਭਰਤਾ ਵਾਲਾ ਰਾਜ ਪ੍ਰਬੰਧ ਸਥਾਪਿਤ ਕੀਤਾ ਜਾਵੇਗਾ ਜਿੱਥੇ ਕੋਈ ਅਪਰਾਧ ਜਾਂ ਵਿਤਕਰਾ ਨਹੀਂ ਹੋਵੇਗਾ। ਅੰਤ ਵਿੱਚ ਸੰਗਤ ਨੂੰ ਸੱਦਾ ਦਿੰਦਿਆ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 650ਵੇਂ ਪ੍ਰਕਾਸ਼ ਪੁਰਬ ਨੂੰ ਸਿਰਫ਼ ਰਸਮੀ ਤੌਰ 'ਤੇ ਨਹੀਂ, ਬਲਕਿ ਇੱਕ ‘ਸੰਘਰਸ਼’ ਵਜੋਂ ਮਨਾਉਣ। ਉਨ੍ਹਾਂ ਕਿਹਾ ਕਿ ਅਸਲ ਬੇਗਮਪੁਰਾ ਉਦੋਂ ਹੀ ਬਣੇਗਾ ਜਦੋਂ ਗੁਰੂ ਦੀ ਸੋਚ 'ਤੇ ਪਹਿਰਾ ਦੇਣ ਵਾਲੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਕੁਲਵੰਤ ਸਿੰਘ ਮੈਹਤੋਂ, ਬਲਵਿੰਦਰ ਬਿੱਟਾ (ਸਾਰੇ ਮੁੱਖ ਜੋਨ ਇੰਚਾਰਜ), ਭਾਗ ਸਿੰਘ ਸਰੀਂਹ ਸੂਬਾ ਸਕੱਤਰ, ਜੀਤ ਰਾਮ ਬਸਰਾ, ਪਰਗਣ ਬਿਲਗਾ ਤੇ ਬਹਾਦਰ ਸਿੰਘ ਤਿੰਨੋਂ ਲੋਕ ਸਭਾ ਇੰਚਾਰਜ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਦਿਹਾਤੀ ਪ੍ਰਧਾਨ ਨਿਰਮਲ ਸਾਇਆ ਤੇ ਹਰਭਜਨ ਸਿੰਘ ਦੁਲਮਾ, ਜੱਥੇਦਾਰ ਨਿਹੰਗ ਕੁਲਦੀਪ ਸਿੰਘ ਖਾਲਸਾ ਤੇ ਉਨ੍ਹਾਂ ਦੀ ਟੀਮ, ਮੇਨੈਜਰ ਜਗਤਾਰ ਸਿੰਘ ਭਾਮੀਆ, ਮਾਸਟਰ ਰਾਜਕੁਮਾਰ, ਸੋਨੂ ਅੰਬੇਡਕਰ, ਬਿੱਟੂ ਸ਼ੇਰਪੁਰੀ, ਇੰਦਰੇਸ਼ ਕੁਮਾਰ, ਹੁਸਨ ਲਾਲ ਜਨਾਗਲ, ਅਮਰੀਕ ਸਿੰਘ ਘੁਲਾਲ, ਥਾਣੇਦਾਰ ਅਮਰਜੀਤ ਸਿੰਘ ਸਾਹਨੇਵਾਲ, ਅਮਰੀਕ ਸਿੰਘ ਪੁਹੀੜ, ਗੁਰਦੀਪ ਸਿੰਘ ਚਮਿੰਡਾ, ਲਾਭ ਸਿੰਘ ਭਾਮੀਆ, ਕਮਲ ਘਈ, ਕਰਮਜੀਤ ਇਆਲੀ, ਜਗਤਾਰ ਸਿੰਘ ਢਿੱਲੋਂ, ਬਲਜੀਤ ਸਿੰਘ, ਮਨਜੀਤ ਸਿੰਘ ਬਾੜੇਵਾਲ, ਆਜ਼ਾਦ ਸਿੰਘ, ਸਿਕੰਦਰ ਸਿੰਘ, ਕੁਲਵਿੰਦਰ ਪੰਡੋਰੀ, ਰਸ਼ਪਾਲ ਸਿੰਘ ਗਾਲਿਬ, ਹਰਜੀਤ ਸਿੰਘ, ਲਸਮਨ ਸਿੰਘ, ਲਖਬੀਰ, ਰਜਿੰਦਰ ਨਿੱਕਾ, ਨਰੇਸ਼ ਬਸਰਾ, ਪਰਵੀਨ ਕੁਮਾਰ, ਖਵਾਜਾ ਪ੍ਰਸ਼ਾਦ, ਪਲਵਿੰਦਰ ਕੌਰ, ਹਰਜਿੰਦਰ ਸੁਜਾਤਵਾਲ, ਅਜਮੇਰ ਸਿੰਘ, ਦੇਵ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ, ਖਵਾਜਾ ਪ੍ਰਸ਼ਾਦ, ਸਤਿੰਦਰ ਕੁਮਾਰ, ਸੁਖਦੇਵ ਚੱਡਾ, ਕਪਲ ਕੁਮਾਰ ਅਤੇ ਹੋਰ ਹਾਜਰ ਸਨ।







No comments
Post a Comment